ਅੱਜ ਦੇ ਮਹਿੰਗਾਈ ਦੇ ਯੁੱਗ ’ਚ ਇਕ-ਦੋ ਬੱਚਿਆਂ ਦਾ ਪਾਲਣ ਕਰਨਾ ਅਤੇ ਪਰਿਵਾਰ ਚਲਾਉਣਾ ਮੁਸ਼ਕਿਲ ਹੈ। ਉੱਥੇ ਅੱਜ ਇਕ ਔਰਤ ਨੇ ਸਿਵਲ ਹਸਪਤਾਲ ਗੁਰਦਾਸਪੁਰ ’ਚ 9ਵੇਂ ਬੱਚੇ ਨੂੰ ਜਨਮ ਦੇ ਕੇ ਹਸਪਤਾਲ ਦੇ ਰਿਕਾਰਡ ’ਚ ਇਕ ਨਵਾਂ ਇਤਿਹਾਸ ਲਿਖ ਦਿੱਤਾ ਹੈ, ਜਦਕਿ ਉਕਤ ਔਰਤ ਦੀ ਇਕ 20 ਸਾਲ ਦੀ ਵੱਡੀ ਕੁੜੀ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਨਾਲ ਸਬੰਧਤ ਪਿੰਡ ਭੰਗਵਾਂ ਦੀ ਰਹਿਣ ਵਾਲੀ ਔਰਤ ਸ਼ਾਂਤੀ ਪਤਨੀ ਧੰਨਾ ਸਿੰਘ ਨੂੰ 16-5-23 ਨੂੰ ਡਲਿਵਰੀ ਕੇਸ ਦੇ ਸਬੰਧ ’ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਬੱਬਰੀ ਵਿਖੇ ਦਾਖ਼ਲ ਕਰਵਾਇਆ ਸੀ, ਜਿਥੇ ਨਾਰਮਲ ਡਲਿਵਰੀ ਰਾਹੀਂ ਉਸਦੇ ਮੁੰਡਾ ਪੈਦਾ ਹੋਇਆ।
ਜਦ ਸਿਵਲ ਹਸਪਤਾਲ ਵਿਚ ਸਟਾਫ ਨਰਸਾਂ ਵੱਲੋਂ ਬੱਚਿਆਂ ਸਬੰਧੀ ਔਰਤ ਤੋਂ ਜਾਣਕਾਰੀ ਮੰਗੀ ਗਈ ਤਾਂ ਉਹ ਹੈਰਾਨ ਕਰਨ ਵਾਲੀ ਸੀ। ਔਰਤ ਨੇ ਦੱਸਿਆ ਕਿ ਉਸ ਦੇ 8 ਬੱਚੇ ਪਹਿਲਾਂ ਵੀ ਹਨ, ਜਿਨ੍ਹਾਂ ’ਚੋਂ 7 ਕੁੜੀਆਂ ਅਤੇ ਇਕ ਮੁੰਡਾ ਹੈ। ਸਿਵਲ ਹਸਪਤਾਲ ’ਚ ਤਾਇਨਾਤ ਸਟਾਫ ਨਰਸਾਂ ਅਨੁਸਾਰ ਇਸ ਔਰਤ ਦਾ ਬੱਚਾ ਬਿਲਕੁਲ ਠੀਕ ਹੈ ਅਤੇ ਇਸ ਨੂੰ ਫੈਮਿਲੀ ਪਲਾਨਿੰਗ ਬਾਰੇ ਦੱਸਿਆ ਗਿਆ ਹੈ।