ਪੰਜਾਬ ਪੁਲਸ ਦੇ ਥਾਣੇਦਾਰ ਨਾਲ 2 ਵਿਅਕਤੀਆਂ ਨੇ ਕਰ ਦਿੱਤਾ ਕਾਂਡ, ਸੱਚ ਸਾਹਮਣੇ ਆਉਣ ਤੇ ਉੱਡੇ ਹੋਸ਼

ਗੜ੍ਹਸ਼ੰਕਰ (ਭਾਰਦਵਾਜ)- ਹੁਸ਼ਿਆਰਪੁਰ ਅਦਾਲਤ ਵਿਚ ਨਾਇਬ ਕੋਰਟ ਵਜੋਂ ਡਿਊਟੀ ਨਿਭਾਅ ਰਹੇ ਥਾਣੇਦਾਰ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮਾਹਿਲਪੁਰ ਪੁਲਸ ਨੇ ਦੋ ਠੱਗਾਂ ਖ਼ਿਲਾਫ਼ ਜਾਅਲਸਾਜ਼ੀ ਅਤੇ ਧੋਖਾਦੇਹੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਠੱਗੀ ਦਾ ਸ਼ਿਕਾਰ ਹੋਏ ਏ. ਐੱਸ. ਆਈ. ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਚੱਕ ਨਰਿਆਲ ਥਾਣਾ ਮਾਹਿਲਪੁਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 23 ਸਤੰਬਰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਹੁਸ਼ਿਆਰਪੁਰ ਅਦਾਲਤ ਵਿਚ ਨਾਇਬ ਕੋਰਟ ਵਜੋਂ ਕੰਮ ਕਰਦਾ ਹੈ।

ਇਸ ਦੌਰਾਨ ਉਸ ਦੀ ਮੁਲਾਕਾਤ ਹਰਦੀਪ ਸਿੰਘ ਅਤੇ ਦਵਿੰਦਰ ਕੁਮਾਰ ਨਾਲ ਹੋਈ ਸੀ, ਉਨ੍ਹਾਂ ਕਿਹਾ ਸੀ ਕਿ ਉਹ ਬੈਂਕਾਂ ਵਿਚੋਂ ਲੋਕਾਂ ਨੂੰ ਕਰਜ਼ਾ ਦਿਵਾਉਣ ਦਾ ਕੰਮ ਕਰਦੇ ਹਨ ਅਤੇ ਬੈਂਕਾਂ ਵਿਚ ਉਨ੍ਹਾਂ ਦੀ ਬਹੁਤ ਜਾਣ-ਪਛਾਣ ਹੈ। ਥਾਣੇਦਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਵੀ ਕਰਜ਼ਾ ਲੈਣ ਦੀ ਇੱਛਾ ਦੱਸੀ ਤਾਂ ਦੋਵੇਂ ਉਸ ਕੋਲੋਂ ਕਰਜ਼ਾ ਲੈਣ ਵਾਸਤੇ ਸਾਰੇ ਕਾਗਜ਼ ਅਤੇ ਪੰਜ ਖਾਲੀ ਚੈੱਕ, ਜਿਨ੍ਹਾਂ ’ਤੇ ਉਸ ਨੇ ਦਸਤਖ਼ਤ ਕੀਤੇ ਸਨ, ਲੈ ਗਏ।
ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਦੇ ਬੈਂਕ ਖਾਤੇ ਵਿਚ 7 ਲੱਖ 38 ਹਜ਼ਾਰ 838 ਰੁਪਏ ਜਮ੍ਹਾ ਹੋ ਗਏ ਅਤੇ ਬੈਂਕ ਵਿਚੋਂ ਆਏ ਫੋਨ ’ਤੇ ਦੱਸਿਆ ਗਿਆ ਕਿ ਜਿਹੜਾ ਕਰਜ਼ਾ ਲੈਣ ਲਈ ਤੁਸੀਂ ਅਪਲਾਈ ਕੀਤਾ ਸੀ, ਉਹ ਪਾਸ ਹੋ ਗਿਆ ਹੈ ਅਤੇ ਪੈਸੇ ਤੁਹਾਡੇ ਬੈਂਕ ਖ਼ਾਤੇ ਵਿਚ ਜਮ੍ਹਾ ਕਰਵਾ ਦਿੱਤਾ ਗਏ ਹਨ।

ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਦੇ ਫੋਨ ’ਤੇ ਮੈਸੇਜ ਆਇਆ ਕਿ ਉਸ ਦੇ ਖ਼ਾਤੇ ਵਿਚੋਂ 7 ਲੱਖ 38 ਹਜ਼ਾਰ 838 ਰੁਪਏ ਕਢਵਾ ਲਏ ਗਏ ਹਨ। ਜਿਸ ’ਤੇ ਉਹ ਬੈਂਕ ਪਹੁੰਚਿਆ ਅਤੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨਾਲ ਫਰਾਡ ਹੋ ਗਿਆ ਹੈ, ਕਿਸੇ ਨੇ ਉਸਦੇ ਖਾਤੇ ਵਿਚੋਂ ਸਾਰੇ ਪੈਸੇ ਕਢਵਾ ਲਏ ਹਨ। ਉਸ ਨੂੰ ਦੱਸਿਆ ਗਿਆ ਕਿ ਇਹ ਫਰਾਡ ਨਹੀਂ ਸਗੋਂ ਤੁਹਾਡੇ ਦਸਤਖ਼ਤ ਕੀਤੇ ਚੈੱਕ ਰਾਹੀਂ ਇਹ ਪੈਸੇ ਨਿਕਲੇ ਹਨ। ਪੀੜਤ ਥਾਣੇਦਾਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਗੁਹਾਰ ਲਗਾਈ ਸੀ ਕਿ ਉਸ ਨਾਲ ਧੋਖਾਦੇਹੀ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸਦੇ ਪੈਸੇ ਵਾਪਸ ਦਿਵਾਏ ਜਾਣ। ਇਸ ਸ਼ਿਕਾਇਤ ਦੀ ਤਫ਼ਤੀਸ਼ ਡੀ. ਐੱਸ. ਪੀ. ਆਪ੍ਰੇਸ਼ਨ ਰਵਿੰਦਰ ਸਿੰਘ ਵੱਲੋਂ ਕਰਨ ਤੋਂ ਬਾਅਦ ਥਾਣਾ ਮਾਹਿਲਪੁਰ ਦੇ ਏ. ਐੱਸ. ਆਈ. ਜੱਗਾ ਰਾਮ ਨੇ ਹਰਦੀਪ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਬੈਂਸਤਾਨੀ ਥਾਣਾ ਬੁੱਲ੍ਹੋਵਾਲ ਅਤੇ ਦਵਿੰਦਰ ਕੁਮਾਰ ਖ਼ਿਲਾਫ਼ ਧਾਰਾ 420,465,468 ਤੇ 471 ਆਈ. ਪੀ. ਸੀ. ਐਕਟ ਦੇ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

admin

admin

Leave a Reply

Your email address will not be published. Required fields are marked *